ਮਿਸ਼ਨ ਫਤਿਹ : ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਪੰਜਾਬ ਵਿਚ ਰਹੇ ਸਭ ਤੋਂ ਮੋਹਰੀ

ਮਿਸ਼ਨ ਫਤਿਹ : ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਪੰਜਾਬ ਵਿਚ ਰਹੇ ਸਭ ਤੋਂ ਮੋਹਰੀ

ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਇਸ਼ਵਿੰਦਰ ਸਿੰਘ ਗਰੇਵਾਲ ਨੂੰ ਗੋਲਡ ਸਨਦ

ਪਟਿਆਲਾ ਦੀ ਝੋਲੀ ਵਿਚ 7 ਗੋਲਡ, 13 ਸਿਲਵਰ ਤੇ 32 ਬਰੌਂਜ਼ ਸਰਟੀਫੀਕੇਟ ਹਾਸਲ ਕੀਤੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਅਰੰਭ ਕੀਤੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਮਿਸ਼ਨ ਫ਼ਤਿਹ ਯੋਧਿਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਜਿਥੇ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ 7 ਗੋਲਡ, 13 ਸਿਲਵਰ ਅਤੇ 32 ਬਰਾਊਂਜ ਸਰਟੀਫਿਕੇਟ ਹਾਸਲ ਕੀਤੇ ਹਨ, ਉਥੇ ਹੀ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐਲਾਨੇ ਨਤੀਜਿਆਂ ‘ਚ 1 ਲੱਖ 73 ਹਜ਼ਾਰ 476 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਕੋਵਾ ਐਪ ਸਬੰਧੀ ਸ਼ੁਰੂ ਕੀਤੀ ਰਾਜ ਪੱਧਰੀ ਪ੍ਰਤੀਯੋਗਤਾ ‘ਚ ਜੇਤੂ ਰਹਿਣ ਵਾਲਿਆਂ ਦੀ ਜਾਰੀ ਕੀਤੀ ਸੂਬਾ ਪੱਧਰੀ ਸੂਚੀ ‘ਚ ਪਟਿਆਲਾ ਜ਼ਿਲ੍ਹੇ ਦੇ 7 ਵਿਅਕਤੀਆਂ ਨੂੰ ਗੋਲਡ 13 ਨੂੰ ਸਿਲਵਰ ਅਤੇ 32 ਜਣਿਆਂ ਨੂੰ ਬਰਾਊਂਜ ਸਰਟੀਫਿਕੇਟਸ ਲਈ ਯੋਗ ਪਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੇ ਗੋਲਡ ਸਰਟੀਫਿਕੇਟ ਪ੍ਰਾਪਤ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਸ਼ਨ ਫ਼ਤਿਹ ਯੋਧੇ ਦੇ ਗੋਲਡ ਸਰਟੀਫਿਕੇਟ ‘ਚ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਸੂਬੇ ਭਰ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ ਅਤੇ ਇਸ ਤੋਂ ਇਲਾਵਾ ਇਸ਼ਵਿੰਦਰ ਸਿੰਘ ਗਰੇਵਾਲ, ਡਾ. ਮਲਕੀਤ ਸਿੰਘ ਮਾਨ, ਨਵਦੀਪ ਸਿੰਘ, ਭੁਵੇਸ਼ ਬਾਂਸਲ, ਖੁਸ਼ਦੀਪ ਸ਼ਰਮਾ ਅਤੇ ਸੁਭਾਸ਼ ਕੁਮਾਰ ਨੇ ਮੁੱਖ ਮੰਤਰੀ ਦੇ ਹਸਤਾਖਰ ਵਾਲਾ ਗੋਲਡ ਸਰਟੀਫਿਕੇਟ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 13 ਵਿਅਕਤੀਆਂ ਨੂੰ ਸਿਲਵਰ ਅਤੇ 32 ਨੂੰ ਬਰਾਊਂਜ ਸਰਟੀਫਿਕੇਟਸ ਪ੍ਰਾਪਤ ਹੋਏ ਹਨ।

ਸ੍ਰੀ ਕੁਮਾਰ ਅਮਿਤ ਨੇ ਇਨ੍ਹਾਂ ਫ਼ਤਿਹ ਯੋਧਿਆਂ ਦਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ੋਂ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਜੰਗ ਖ਼ਤਮ ਨਹੀਂ ਹੋਈ, ਇਸ ਲਈ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਸਾਨੂੰ ਹੋਰ ਹੰਭਲਾ ਮਾਰਨਾ ਪੈਣਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਵਿਰੁੱਧ ਜੰਗ ਲੜਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਪੱਧਰੀ ਪ੍ਰਤੀਯੋਗਤਾ ਨੂੰ ਹੋਰ ਦੋ ਮਹੀਨੇ ਲਈ ਵਧਾ ਦਿੱਤਾ ਹੈ ਅਤੇ ਹੁਣ ਜਿਥੇ ਪਹਿਲਾਂ ਜਿੱਤੇ ਵਿਅਕਤੀ ਡਾਇਮੰਡ ਸਰਟੀਫਿਕੇਟ ਲਈ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨਗੇ, ਉਥੇ ਨਵੇਂ ਵਿਅਕਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਵਾਲਾ ਗੋਲਡ, ਸਿਲਵਰ ਅਤੇ ਬਰਾਊਂਜ ਸਰਟੀਫਿਕੇਟ ਵੀ ਪ੍ਰਾਪਤ ਕਰ ਸਕਣਗੇ