ਜਤਿੰਦਰ ਸਿੰਘ ਔਲਖ ਨੇ ਪਟਿਆਲਾ ਜੋਨ ਦੇ ਨਵੇਂ ਆਈ.ਜੀ ਵਜੋਂ ਅਹੁਦਾ ਸੰਭਾਲਿਆ
1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ: ਜਤਿੰਦਰ ਸਿੰਘ ਔਲਖ ਨੇ ਅੱਜ ਪਟਿਆਲਾ ਰੇਂਜ ਦੇ ਨਵੇਂ ਆਈ.ਜੀ. ਵਜੋਂ ਅਹੁਦਾ ਸੰਭਾਲ ਲਿਆ ਹੈ। ਸ਼੍ਰੀ ਔਲਖ ਦੇ ਅਹੁਦਾ ਸੰਭਾਲਣ ਮੌਕੇ ਸਾਬਕਾ ਆਈ.ਜੀ. ਅਤੇ ਪੰਜਾਬ ਦੇ ਆਈ.ਜੀ. ਹੈਡ ਕੁਆਟਰ ਸ਼੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਅਤੇ ਪਟਿਆਲਾ ਦੇ ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ।
ਸ: ਔਲਖ ਇਸ ਤੋਂ ਪਹਿਲਾਂ ਆਈ. ਜੀ ਹੈਡ ਕੁਆਟਰ, ਪੁਲਿਸ ਕਮਿਸ਼ਨਰ ਲੁਧਿਆਣਾ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋਂ ਇਲਾਵਾ ਸੰਗਰੂਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਰੂਪ ਨਗਰ, ਖੰਨਾ, ਜਗਰਾਓ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਐਸ.ਐਸ.ਪੀ. ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਬਹੁਤ ਹੀ ਸੁਲਝੇ ਤੇ ਇਮਾਨਦਾਰ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਸ਼੍ਰੀ ਔਲਖ ਨੇ ਅੱਜ ਪਟਿਆਲਾ ਰੇਂਜ ਦੇ ਨਵੇਂ ਆਈ.ਜੀ. ਦਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣਾ ਉਹਨਾਂ ਦੀ ਮੁੱਖ ਤਰਜ਼ੀਹ ਹੋਵੇਗੀ। ਉਹਨਾਂ ਕਿਹਾ ਕਿ ਲੋਕਾਂ ਦੇ ਮਸਲਿਆਂ ਦੇ ਸਮੇਂ ਸਿਰ ਨਿਰਪੱਖਤਾ ਨਾਲ ਨਿਪਟਾਰੇ ਦੇ ਨਾਲ-ਨਾਲ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।