31 ਅਗਸਤ ਅਮਰੀਕਾ ਲਈ ਇੰਨੀ ਅਹਿਮ ਕਿਉਂ?
ਅਫ਼ਗਾਨਿਸਤਾਨ ਵਿੱਚੋਂ ਅਮਰੀਕੀਆਂ ਨੂੰ ਕੱਢੇ ਜਾਣ ਲਈ 31 ਅਗਸਤ ਦੀ ਸਮਾਂ ਸੀਮਾ ਦਾ ਜ਼ਿਕਰ ਵਾਰ-ਵਾਰ ਸੁਣਨ ਨੂੰ ਮਿਲ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜਿੰਨੀ ਜਲਦੀ ਇਹ ਕੰਮ ਮੁਕਾ ਲਿਆ ਜਾਵੇ ਉਨਾਂ ਬਿਹਤਰ ਹੈ।
ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਹ ਸਮਾਂ ਸੀਮਾ ਵਧਾਈ ਨਹੀਂ ਜਾਣੀ ਚਾਹੀਦੀ।
ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 31 ਅਗਸਤ ਇੰਨੀ ਅਹਿਮ ਕਿਉਂ ਹੈ
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਲਿਬਾਨ ਨਾਲ਼ ਸਮਝੌਤਾ ਕੀਤਾ ਸੀ ਕਿ ਅਫ਼ਗਾਨਿਸਤਾਨ ਵਿੱਚ ਸਾਰੀ ਅਮਰੀਕੀ ਫ਼ੌਜ ਇਸ ਸਾਲ ਪਹਿਲੀ ਮਈ ਤੱਕ ਕੱਢ ਲਈ ਜਾਵੇਗੀ।
ਬਾਇਡਨ ਨੇ ਸਥਿਤੀ ਦੀ ਨਜ਼ਰਾਸੀ ਕਰਵਾਈ ਅਫ਼ਗਾਨਿਸਤਾਨ ਵਿੱਚ ਬਾਕੀ ਬਚੇ 2500 ਅਮਰੀਕੀ ਫ਼ੌਜੀਆਂ, ਕਾਮਿਆਂ ਅਤੇ ਹੋਰ ਹਜ਼ਾਰਾਂ ਨਾਟੋ ਫ਼ੌਜਾਂ ਨੂੰ ਕੱਢਣ ਲਈ ਕਿੰਨਾ ਸਮਾਂ ਲੱਗੇਗਾ।
ਆਲੋਚਕਾ ਦੀ ਰਾਇ ਸੀ ਕਿ ਜੇ ਸਤੰਬਰ ਤੱਕ ਇਹ ਸਮਾਂ-ਸੀਮਾ ਵਧਾਈ ਜਾਂਦੀ ਹੈ ਤਾਂ ਇਹ 09/11 ਦੀ ਬਰਸੀ ਦੇ ਨੇੜੇ ਆ ਜਾਵੇਗੀ ਅਤੇ ਠੀਕ ਨਹੀਂ ਲੱਗੇਗੀ, ਕਿਉਂਕਿ ਉਸੇ ਦਾ ਬਦਲਾ ਲੈਣ ਅਤੇ ਮੁੱਖ ਸਾਜਿਸ਼ਕਾਰ ਉਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਫ਼ੌਜ ਅਫ਼ਗਾਨਿਸਤਾਨ ਭੇਜੀ ਗਈ ਸੀ।
ਫਿਰ ਜੁਲਾਈ ਵਿੱਚ ਬਾਇਡਨ ਨੇ 31 ਅਗਸਤ ਦੀ ਡੈਡਲਾਈਨ ਨਿਰਧਾਰਿਤ ਕੀਤੀ।
ਇਸਦੇ ਪਿੱਛੇ ਇੱਕ ਸਮੱਸਿਆ ਅਤੇ ਕਾਰਨ ਇਹ ਸੀ ਕੀ ਉਥੋਂ ਨਿਕਲਣ ਤੋਂ ਪਹਿਲਾਂ ਅਮਰੀਕਾ ਅਫ਼ਗਾਨ ਸਰਕਾਰ ਨੂੰ ਤਾਲਿਬਾਨ ਖ਼ਿਲਾਫ਼ ਲੜਾਈ ਵਿੱਚ ਪੈਰਾਂ ਸਿਰ ਹੋਣ ਲਈ ਕੁਝ ਹੋਰ ਸਮਾਂ ਦੇਣਾ ਚਾਹੁੰਦਾ ਸੀ। ਇਸ ਵਿੱਚ ਅਮਰੀਰੀ ਫ਼ੌਜ ਦੇ ਅਧਿਕਾਰ ਹੇਠਲੇ ਇਲਾਕਿਆਂ ਨੂੰ ਅਫ਼ਗਾਨ ਫ਼ੌਜ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਸੀ।
ਫਿਰ ਹੌਲ਼ੀ-ਹੌਲ਼ੀ ਅਮਰੀਕੀ ਅਤੇ ਨਾਟੋ ਫ਼ੌਜਾਂ ਦੇਸ਼ ਵਿੱਚੋਂ ਨਿਕਲਣ ਲੱਗੀਆਂ
ਪਰ ਆਖ਼ਰ ਨੂੰ ਅਫ਼ਗਾਨਿਸਤਾਨ ਦੀ ਤਿੰਨ ਲੱਖ ਦੀ ਸੰਗਠਿਤ ਫ਼ੌਜ ਤਾਲਿਬਾਨ ਨੂੰ ਰੋਕਣ ਵਿੱਚ ਅਸਮਰੱਥ ਰਹੀ ਅਤੇ ਤਾਲਿਬਾਨ ਨੇ ਬੜੀ ਤੇਜ਼ੀ ਨਾਲ ਦੇਸ਼ ਦੀ ਰਾਜਧਾਨੀ ਕਾਬੁਲ ਉੱਪਰ ਆਪਣਾ ਅਧਿਕਾਰ ਕਰ ਲਿਆ।