ਪੂਜਾ ਤੋਂ ਫ਼ੋਨ ਕਰਵਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਹਿਊਮਨ ਰਾਈਟਸ ਮੰਚ ਦੇ ਖ਼ਿਲਾਫ਼ ਪਰਚਾ ਦਰਜ

ਪਟਿਆਲਾ-ਇਕ ਲੜਕੀ ਨੂੰ ਆਪਣੇ ਜਾਲ ‘ਚ ਫਸਾ ਕੇ ਲੋਕਾਂ ਨੂੰ ਫ਼ੋਨ ਕਰਕੇ ਉਸ ‘ਤੇ ਜਬਰ-ਜਨਾਹ ਦਾ ਦੋਸ਼ ਲਗਾਉਣ ਤੇ ਬਾਅਦ ‘ਚ ਪੈਸੇ ਲੈ ਕੇ ਮਾਮਲਾ ਨਿਬੇੜਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਰਮੇਸ਼ ਕੁਮਾਰ ਵਾਸੀ ਪਟਿਆਲਾ ਨੇ ਥਾਣਾ ਅਨਾਜ ਮੰਡੀ ‘ਚ ਸ਼ਿਕਾਇਤ ਦਰਜ ਕਰਵਾਈ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਪੂਜਾ ਨਾਮ ਦੀ ਲੜਕੀ ਦੇ ਫ਼ੋਨ ‘ਤੇ ਸੰਦੇਸ਼ ਆ ਰਹੇ ਸੀ | ਉਕਤ ਲੜਕੀ ਨੇ ਉਸ ਨੂੰ ਦੋਸਤੀ ਕਰਨ ਲਈ ਕਿਹਾ ਪਰ ਉਸ ਨੇ ਨਾਂਹ ਕਰ ਦਿੱਤੀ | ਬਾਅਦ ‘ਚ ਉਸ ਕੋਲ ਅਜੇ ਸ਼ਰਮਾ ਵਾਸੀ ਪਟਿਆਲਾ ਦਾ ਫ਼ੋਨ ਆਇਆ ਕਿ ਉਹ ਹਿਊਮਨ ਰਾਈਟਸ ਦਾ ਕਮਿਸ਼ਨ ਵੈੱਲਫੇਅਰ ਮੰਚ ਦਾ ਪ੍ਰਧਾਨ ਹੈ ਅਤੇ ਪੂਜਾ ਨਾਮ ਦੀ ਲੜਕੀ ਨੇ ਉਸ ‘ਤੇ ਜਬਰ-ਜਨਾਹ ਦੇ ਦੋਸ਼ ਲਗਾਏ ਹਨ | ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਬਾਅਦ ‘ਚ ਸਾਰੇ ਮੁਲਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਪੂਜਾ ਵਲੋਂ ਦਿੱਤਾ ਹਲਫ਼ੀਆ ਬਿਆਨ ਦਿਖਾਇਆ ਤੇ ਉਸ ਨੂੰ ਬਚਾਉਣ ਲਈ 6 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ | ਜਿਸ ਤਹਿਤ ਉਸ ਨੇ ਮੁਲਜ਼ਮਾਂ ਨੂੰ ਤਿੰਨ ਲੱਖ ਰੁਪਏ ਦੇ ਦਿੱਤੇ | ਬਾਅਦ ‘ਚ ਸ਼ਿਕਾਇਤਕਰਤਾ ਦੇ ਦੋਸਤ ਨੂੰ ਪੂਜਾ ਦਾ ਫ਼ੋਨ ਆਇਆ ਤਾਂ ਉਨ੍ਹਾਂ ਨੂੰ ਲੜਕੀ ਬਾਰੇ ਪਤਾ ਲਗਾ ਕੇ ਉਸ ਨਾਲ ਮੁਲਾਕਾਤ ਕੀਤੀ ਤਾਂ ਲੜਕੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਆਪਣੇ ਜਾਲ ‘ਚ ਫਸਾਇਆ ਹੋਇਆ ਹੈ | ਜਿਸ ਤਹਿਤ ਮੁਲਜ਼ਮ ਉਸ ਤੋਂ ਲੋਕਾਂ ਨੂੰ ਫ਼ੋਨ ਕਰਵਾ ਕੇ ਬਲੈਕਮੇਲ ਕਰਕੇ ਪੈਸੇ ਲੈਂਦੇ ਹਨ | ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਮੁਲਜ਼ਮ ਅਜੇ ਸ਼ਰਮਾ, ਰਾਜਦੀਪ ਸਿੰਘ, ਦਰਸ਼ਨ ਸਿੰਘ ਅਤੇ ਇਕ ਔਰਤ ਵਾਸੀਆਨ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 120 ਬੀ, 389 ਤਹਿਤ ਕੇਸ ਦਰਜ ਕਰ ਲਿਆ ਹੈ |

Leave a Reply

Your email address will not be published.