7 ਦਿਨ ਤੱਕ ਚੂਹੇ ਬਿੱਲੀ ਦਾ ਖੇਡ ਚੱਲਦਾ ਰਿਹਾ ਆਖਰ ਝਪੱਟਾ ਮਾਰ ਕੇ ਫੜ ਲਿਆ ਪਟਿਆਲਾ ਪੁਲਿਸ ਨੇ ਕਾਲੀ ਮਾਤਾ ਦਾ ਦੋਸ਼ੀ ਨਕਲੀ ਨਿਹੰਗ

ਸ੍ਰੀ ਕਾਲੀ ਮਾਤਾ ਜੀ ਦੀ ਸ਼ਾਨ ਦੇ ਖਿਲਾਫ ਗਲਤ ਸ਼ਬਦਾਵਲੀ ਵਰਤ ਕੇ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨਕਲ਼ੀ ਨਿਹੰਗ ਰਵਿੰਦਰ ਸਿੰਘ ਪੁੱਤਰ ਹੁਕਮਾ ਉਰਫ ਹੁੱਕਾ ਨੂੰ ਪਟਿਆਲਾ ਪੁਲਿਸ ਦੇ ਸੀ ਆਈ ਏ ਸਟਾਫ ਨੇ ਡੂੰਘੀ ਛਾਣਬੀਣ ਉਪਰੰਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ।ਸਾਡੇ ਨਿਊਜ਼ ਸੂਤਰਾਂ ਮੁਤਾਬਿਕ ਇਹ ਵਿਅਕਤੀ ਕਾਫ਼ੀ ਚਲਾਕ ਸੀ ਅਤੇ ਨਾਮ ਅਤੇ ਭੇਸ ਬਦਲ ਬਦਲ ਕੇ ਲੁਕਦਾ ਫਿਰ ਰਿਹਾ ਸੀ। ਇਸ ਨੇ ਆਪਣਾ ਨਾਮ ਰਵਿੰਦਰ ਸਿੰਘ ਅਮਰੀਕ ਸਿੰਘ ਉਰਫ ਮੀਕਾ ਉਰਫ ਰਣਜੀਤ ਸਿੰਘ ਉਰਫ ਕਾਕੂ ਉਰਫ ਕਾਕਾ ਰਾਮ ਰਖਿਆ ਸੀ ਇਹ ਬੁਰੇ ਆਚਰਣ ਵਾਲਾ ਨਕਲੀ ਨਿਹੰਗ ਮਾਨਸਾ ਜਿਲੇ ਦੇ ਪਿੰਡ ਹੀਰੋ ਦਾ ਰਹਿਣ ਵਾਲਾ ਹੈ । ਪਟਿਆਲੇ ਦੇ ਵਿਚ 29 ਮਈ ਨੂੰ ਸ੍ਰੀ ਕਾਲੀ ਮਾਤਾ ਮੰਦਰ ਉੱਪਰ ਹਮਲਾ ਕਰਨ ਵੇਲੇ ਇਸ ਵਿਅਕਤੀ ਨੇ ਮਾਹੌਲ ਖਰਾਬ ਕਰਨ ਦੇ ਲਈ ਸ੍ਰੀ ਕਾਲੀ ਮਾਤਾ ਜੀ ਦੇ ਬਾਰੇ ਬਹੁਤ ਹੀ ਗੰਦੀ ਅਤੇ ਅਸਹਿਣਯੋਗ ਘਟੀਆ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਅਤੇ ਉਸ ਤੋਂ ਬਾਅਦ ਇਹ ਵਿਅਕਤੀ ਫੜੇ ਜਾਣ ਤੋਂ ਡਰਦਾ ਹੋਇਆ ਉਥੋਂ ਫਰਾਰ ਹੋ ਗਿਆ ਸੀ।ਇਸ ਵਿਅਕਤੀ ਦੇ ਨਾਂ ਅਤੇ ਪਤੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਕਿਉਂਕਿ ਮਾਹੌਲ ਖਰਾਬ ਕਰਨ ਦੇ ਲਈ ਇਹ ਭੇਸ ਬਦਲ ਕੇ ਪਟਿਆਲਾ ਆਇਆ ਸੀ। ਇਹ ਵਿਅਕਤੀ ਕੁਝ ਦੇਰ ਬਠਿੰਡਾ ਵਿਖੇ ਵੀ ਰਹਿੰਦਾ ਰਿਹਾ ਹੈ। ਇਸ ਵਿਅਕਤੀ ਦੁਆਰਾ ਸ੍ਰੀ ਕਾਲੀ ਮਾਤਾ ਜੀ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਕਾਰਨ ਮਾਤਾ ਦੇ ਕਰੋੜਾਂ ਸ਼ਰਧਾਲੂਆਂ ਦੇ ਮਨਾਂ ਅੰਦਰ ਗੁੱਸੇ ਅਤੇ ਬੇਚੈਨੀ ਦਾ ਵਾਤਾਵਰਣ ਪਾਇਆ ਜਾ ਰਿਹਾ ਸੀ। ਇਸ ਸਬੰਧੀ ਇਸ ਸਮਾਜ ਵਿਰੋਧੀ ਸ਼ੈਤਾਨ ਦੇ ਖਿਲਾਫ 1 ਮਈ 2019 ਨੂੰ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਧਾਰਾ 295 ਏ ਅਤੇ 153 ਏ ਦੇ ਅਧੀਨ ਐਫ ਆਈ ਆਰ ਦਰਜ ਕੀਤੀ ਗਈ ਸੀ। ਸ੍ਰੀ ਕਾਲੀ ਮਾਤਾ ਦੇ ਭਗਤਾਂ ਦੇ ਵਿਰੋਧ ਅਤੇ ਭਾਵਨਾਵਾਂ ਨੂੰ ਭੜਕਣ ਤੋਂ ਬਚਾਉਣ ਲਈ ਇਸ ਮਾਮਲੇ ਦੇ ਵਿਚ ਪਟਿਆਲਾ ਦੇ ਆਈ ਜੀ ਸ੍ਰੀ ਮੁੱਖਵਿੰਦਰ ਸਿੰਘ ਛੀਨਾ ਦੇ ਹੁਕਮਾਂ ਮੁਤਾਬਕ, ਸ੍ਰੀ ਦੀਪਕ ਪਾਰਿਖ ਐਸਐਸਪੀ ਪਟਿਆਲਾ ਦੀ ਸੁਪਰਵਿਜਨ ਵਿਚ ਡਾਕਟਰ ਮਹਿਤਾਬ ਸਿੰਘ ਆਈ ਪੀ ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਸ੍ਰੀ ਵਜ਼ੀਰ ਸਿੰਘ ਪੀਪੀਐਸ, ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਅਜੇਪਾਲ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਪੀ ਪੀ ਐਸ, ਉਪ ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਜਸਵਿੰਦਰ ਸਿੰਘ ਟਿਵਾਣਾ ਪੀ ਪੀ ਐੱਸ,ਉਪ ਕਪਤਾਨ ਪੁਲਿਸ ਸਬ ਡਵੀਜ਼ਨ ਘਨੌਰ ਦੀ ਅਗਵਾਈ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ਼ ਪਟਿਆਲਾ ਦੀਆਂ ਟੀਮਾਂ ਬਣਾ ਕੇ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਵਿਚ ਪੰਜਾਬ ਪੁਲਿਸ ਦੀਆਂ ਵੱਖ ਵੱਖ ਯੂਨਿਟਾਂ ਦੀ ਵੀ ਮਦਦ ਲਈ ਗਈ ਸੀ। ਇਸ ਕੇਸ ਦੇ ਵਿਚ ਸਭ ਤੋਂ ਔਖੀ ਗੱਲ ਇਹ ਸੀ ਕਿ ਇਹ ਵਿਅਕਤੀ ਭੇਸ ਬਦਲਣ ਵਿਚ ਮਾਹਿਰ ਸੀ ਅਤੇ ਆਪਣਾ ਨਾਮ ਬਦਲ ਬਦਲ ਕੇ ਘੁੰਮਦਾ ਸੀ ਅਤੇ ਇਸ ਦਾ ਕੋਈ ਪਤਾ ਟਿਕਾਣਾ ਵੀ ਨਹੀਂ ਸੀ ਪਰ ਪੁਲੀਸ ਨੇ ਆਪਣੀ ਸੂਝ-ਬੂਝ ਨਾਲ ਆਪਣੇ ਸਰੋਤਾਂ ਦੀ ਸਹਾਇਤਾ ਲੈਕੇ ਇਸ ਮਹਾਂ ਚਲਾਕ ਸ਼ਰਾਰਤੀ ਅਨਸਰ ਨੂੰ ਬੇਨਕਾਬ ਕਰ ਕੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ,ਕਿਉਂਕਿ ਇਸ ਵਿਅਕਤੀ ਦੇ ਆਜ਼ਾਦ ਘੁੰਮਣ ਕਾਰਣ ਦਿਨੋ ਦਿਨ ਪੰਜਾਬ ਦਾ ਮਾਹੌਲ ਖਰਾਬ ਹੋਣ ਬਾਰੇ ਸ਼ੰਕੇ ਪੈਦਾ ਹੋ ਰਹੇ ਸਨ। ਇਹ ਵਿਅਕਤੀ ਘਟਨਾ ਵਾਲੇ ਦਿਨ ਤੋਂ ਹੀ ਵੱਖ ਵੱਖ ਸੂਬਿਆਂ ਵਿਚ ਲੁਕਦਾ ਫਿਰਦਾ ਸੀ। ਐਸਐਸਪੀ ਪਟਿਆਲਾ ਸ੍ਰੀ ਦੀਪਕ ਪਾਰਿਖ ਨੇ ਦੱਸਿਆ ਕਿ ਇਸ ਕੇਸ ਵਿਚ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਸੀ ਆਈ ਏ ਸਟਾਫ ਦੀਆਂ ਵੱਖ ਵੱਖ ਦੋ ਟੀਮਾਂ ਵੱਲੋਂ ਇਸ ਦੇ ਲੁਕਣ ਠਿਕਾਣਿਆਂ ਮਹਾਰਾਸ਼ਟਰ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿਚ ਛਾਪਾਮਾਰੀ ਕੀਤੀ ਗਈ ਅਤੇ ਸੀ ਆਈ ਏ ਸਟਾਫ ਲਗਾਤਾਰ ਸੱਤ ਦਿਨ ਇਸਦਾ ਪਿੱਛਾ ਕੀਤਾ ਗਿਆ ਪਰ ਇਹ ਚਲਾਕ ਵਿਅਕਤੀ ਵਾਰ ਵਾਰ ਭੇਸ ਬਦਲ ਕੇ ਪੁਲਿਸ ਨੂੰ ਚਕਮਾ ਦੇ ਰਿਹਾ ਸੀ।
ਨਿਊਜ਼ ਸੂਤਰਾਂ ਮੁਤਾਬਕ ਇਸ ਦੇ ਮਨ ਵਿਚ ਖ਼ੌਫ਼ ਦੀ ਭਾਵਨਾ ਵੀ ਪੈਦਾ ਹੋ ਗਈ ਸੀ। ਇਸ ਲਈ ਇਹ ਸ਼ਰਾਰਤੀ ਮੁਜਰਮ ਚੂਹੇ ਦੇ ਵਾਂਗ ਖੁੱਡ ਵਿੱਚ ਲੁਕਦਾ ਦੌੜ ਰਿਹਾ ਸੀ ਪਰ ਆਖਰ ਪਟਿਆਲਾ ਦੀ ਤੇਜ਼-ਤਰਾਰ ਪੁਲੀਸ ਨੇ ਇਸ ਦੀ ਗਿੱਚੀ ਨੱਪਣ ਵਿੱਚ ਸਫਲਤਾ ਪ੍ਰਾਪਤ ਕਰ ਹੀ ਲਈ। ਆਖਿਰ ਇਹ ਵਿਅਕਤੀ ਆਪਣੇ ਅੰਤਮ ਲੁਕਣ ਟਿਕਾਣੇ ਪਾਉਟਾ ਸਾਹਿਬ ਪਹੁੰਚ ਗਿਆ। ਪਾਉਂਟਾ ਸਾਹਿਬ ਤੋਂ ਇਹ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਚਲਾ ਗਿਆ ਜਿਸ ਦਾ ਪਿੱਛਾ ਕਰਦੇ ਹੋਏ ਸੀ ਆਈ ਏ ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਇਸ ਵਿਅਕਤੀ ਨੂੰ ਜਿਲਾ ਮੰਡੀ ਦੇ ਪਿੰਡ ਰੰਧਾਢਾ ਤੋਂ ਗ੍ਰਿਫ਼ਤਾਰ ਕਰ ਲਿਆ।ਮਾਨਸਾ ਜ਼ਿਲ੍ਹੇ ਦੇ ਕੁਝ ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਇਹ ਇੱਕ ਮਲੰਗ ਕਿਸਮ ਦਾ ਵਿਅਕਤੀ ਹੈ ਅਤੇ ਨਿਹੰਗ ਦਾ ਭੇਸ ਧਾਰ ਕੇ ਪਿੰਡ ਦੇ ਲਾਗੇ ਲੁੱਚ ਗੜੁਚੀਆਂ ਕਰਦਾ ਰਹਿੰਦਾ ਸੀ ਜਿਸਤੇ ਕਈ ਵਾਰੀ ਇਸ ਦੀ ਛਿਤਰੌਲ ਵੀ ਹੋਈ ਸੀ ।
ਇਸ ਰਵਿੰਦਰ ਉਰਫ਼ ਅਮਰੀਕ ਉਰਫ ਮੀਕਾ ਉਰਫ ਰਣਜੀਤ ਉਰਫ਼ ਕਾਕੂ ਉਰਫ ਕਾਕਾ ਰਾਮ ਨੇ ਪੁਲਿਸ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਝੋਲੇ ਵਿਚ ਉਲਝ ਕੇ ਮੂਧੇ ਮੂੰਹ ਡਿੱਗ ਪਿਆ ਜਿਸ ਉਪਰੰਤ ਪੁਲਿਸ ਪਾਰਟੀ ਨੇ ਤੁਰੰਤ ਬਾਜ ਦੀ ਤਰ੍ਹਾਂ ਝਪਟ ਮਾਰ ਕੇ ਇਸ ਨੂੰ ਧੌਣ ਤੋਂ ਦਬੋਚ ਲਿਆ। ਗ੍ਰਿਫਤਾਰੀ ਸਮੇਂ ਇਹ ਵਿਅਕਤੀ ਬਾਰ-ਬਾਰ ਤਰਲੇ ਮਿੰਨਤਾਂ ਕਰਦੇ ਹੋਏ ਲਿਲਕੜੀਆਂ ਕੱਢ ਰਿਹਾ ਸੀ। ਉੱਡਦੀ ਉਡਦੀ ਚਰਚਾ ਇਹ ਵੀ ਹੈ ਕਿ ਇਸ ਦਾ ਮਲ-ਮੂਤਰ ਵੀ ਕੱਪੜਿਆਂ ਵਿਚ ਹੀ ਨਿਕਲ ਗਿਆ ਸੀ। ਭਾਰਤ ਦੇ ਕਾਲੀ ਮਾਤਾ ਦੇ ਸ਼ਰਧਾਲੂਆਂ ਨੇ ਪਟਿਆਲਾ ਪੁਲਿਸ ਦੁਆਰਾ ਦਿਖਾਈ ਗਈ ਇਸ ਫੁਰਤੀ ਦੀ ਸ਼ਲਾਘਾ ਕਰਦੇ ਹੋਏ ਡੀ ਜੀ ਪੀ ਸ੍ਰੀ ਵੀਰੇਸ਼ ਕੁਮਾਰ ਭਾਵਰਾ ਦਾ ਧੰਨਵਾਦ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਹਿੰਦੂਆਂ ਸਿੱਖਾਂ ਵਿੱਚ ਪਾੜਾ ਪਾਉਣ ਵਾਲੇ ਇਸ ਨਾਜਾਇਜ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੰਜਾਬ ਦਾ ਮਹੌਲ ਖਰਾਬ ਹੋਣ ਤੋਂ ਬਚਾਉਣ ਵਾਲੀ ਪੁਲਿਸ ਪਾਰਟੀ ਨੂੰ ਸਨਮਾਨਤ ਕੀਤਾ ਜਾਵੇ ਅਤੇ ਡੀਜੀਪੀ ਡਿਸਕ ਵੀ ਪ੍ਰਦਾਨ ਕੀਤੀ ਹੈ। ਮੀਡੀਆ ਵੱਲੋਂ ਪਤਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਤੋਂ ਹੋਰ ਕਿਹੜੇ ਕਿਹੜੇ ਪਦਾਰਥ ਜਾਂ ਯੰਤਰ ਬਰਾਮਦ ਕੀਤੇ ਗਏ ਹਨ ਅਤੇ ਇਸ ਨੂੰ ਕਿਸ ਵਿਅਕਤੀ ਨੇ ਪੰਜਾਬ ਦਾ ਮਾਹੌਲ ਖਰਾਬ ਕਰਣ ਦੇ ਨਿਰਦੇਸ਼ ਦਿੱਤੇ ਹਨ।ਪੰਜਾਬ ਦੀਆਂ ਸੱਚੀਆਂ ਸੁੱਚੀਆਂ ਹੋਰ ਪੰਥਕ ਨਿਹੰਗ ਅਤੇ ਹਿੰਦੂ ਜਥੇਬੰਦੀਆਂ ਨੂੰ ਵੀ ਆਪਣੇ ਪੱਧਰ ਤੇ ਅਜਿਹੇ ਭਾਈਚਾਰਾ ਤੋੜਕ ਤੱਤਾਂ ਦਾ ਅਪਰੇਸ਼ਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋ ਸਕੇ ।

Leave a Reply

Your email address will not be published.