ਕੋਤਵਾਲੀ ਪੁਲਿਸ ਦਾ ਧੂਮ ਧੜਾਕਾ – ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਪਾ ਦਿੱਤੇ – ਨਾਲ ਹੀ ਕੁੱਟੀ ਸੱਟੇਬਾਜਾਂ ਦੀ ਦੁੰਮ
ਐੱਸਐੱਸਪੀ ਪਟਿਆਲਾ ਸ੍ਰੀ ਹਰਚਰਨ ਸਿੰਘ ਭੁੱਲਰ ਆਈ ਪੀ ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹੇਮੰਤ ਸ਼ਰਮਾ ਉਪ ਕਪਤਾਨ ਪੁਲਸ ਸਿਟੀ ਵਨ ਪਟਿਆਲਾ ਦੀ ਅਗਵਾਈ ਹੇਠ 3 ਕੋਤਵਾਲੀ ਪਟਿਆਲਾ ਦੀ ਨਿਗਰਾਨੀ ਹੇਠ ਵੱਖ ਵੱਖ ਪੁਲਸ ਪਾਰਟੀਆਂ ਨੇ ਛਾਪਾਮਾਰੀ ਕੀਤੀ ਅਤੇ ਭਾਰੀ ਮਾਤਰਾ ਵਿਚ ਵਿਸਫੋਟਕ ਪਦਾਰਥਾਂ ਦਾ ਜ਼ਖੀਰਾ ਬਰਾਮਦ ਕੀਤਾ l ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਆਚਾਰ ਬਾਜ਼ਾਰ ਪਟਿਆਲਾ ਵਿਖੇ ਗੁਰਪ੍ਰੀਤ ਸਿੰਘ ਉਰਫ ਨੀਟਾ ਪੁੱਤਰ ਕਰਤਾਰ ਸਿੰਘ ਵਾਸੀ 1177 ਗਲੀ ਨੰਬਰ 2 ਦੇਸ ਰਾਜ ਮੁਹੱਲਾ ਆਚਾਰ ਬਾਜ਼ਾਰ ਪਟਿਆਲਾ ਅਤੇ ਵੇਦਾਂਤ ਸਿੰਗਲਾ ਪੁੱਤਰ ਸੁਨੀਲ ਸਿੰਗਲਾ ਵਾਸੀ 2033/239 ਦੇਸ ਰਾਜ ਸਟਰੀਟ ਪਟਿਆਲਾ ਆਪਣੀਆਂ ਦੁਕਾਨਾਂ ਵਿੱਚ ਬਗੈਰ ਇਜਾਜ਼ਤ ਪਟਾਕੇ ਰੱਖ ਕੇ ਵੇਚ ਰਹੇ ਹਨ l ਇਹ ਸੂਚਨਾ ਮਿਲਣ ਉਪਰੰਤ ਥਾਣੇਦਾਰ ਕੁਲਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਹਰਸ਼ਰਨਵੀਰ ਸਿੰਘ ਦੀਆਂ ਪੁਲੀਸ ਪਾਰਟੀਆਂ ਦਾ ਗਠਨ ਕਰਕੇ ਮੁਕੱਦਮਾ ਨੰਬਰ 370 ਮਿਤੀ 18 ਅਕਤੂਬਰ 2021 ਅਧੀਨ ਧਾਰਾ 188 ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ ਅਤੇ ਮੁਕੱਦਮਾ ਨੰਬਰ 371 ਮਿਤੀ 18 ਅਕਤੂਬਰ 2021 ਅਧੀਨ ਧਾਰਾ 188 ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਰਜਿਸਟਰਡ ਕਰਕੇ ਦੋਸ਼ੀਆਂ ਦੀਆਂ ਦੁਕਾਨਾਂ ਤੇ ਛਾਪਾਮਾਰੀ ਕੀਤੀ ਗਈ ਅਤੇ ਭਾਰੀ ਮਾਤਰਾ ਵਿੱਚ ਵੱਖ ਵੱਖ ਕਿਸਮ ਦੇ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਗਏ l ਇਸ ਮੁਕੱਦਮੇ ਦੀ ਤਫਤੀਸ਼ ਜਾਰੀ ਹੈl ਇਸ ਤੋਂ ਇਲਾਵਾ 18 ਅਕਤੂਬਰ ਨੂੰ ਇਤਲਾਹ ਮਿਲੀ ਕਿ ਰਣਜੀਤ ਸਿੰਘ ਉਰਫ ਖ਼ਾਲਸਾ ਵਾਸੀ ਯਾਦਵਿੰਦਰਾ ਕਲੋਨੀ ਸਰਹੰਦ ਰੋਡ ਪਟਿਆਲਾ ਅਤੇ ਕੁਲਦੀਪ ਸਿੰਘ ਉਰਫ ਸ਼ੈਂਟੀ ਪੁੱਤਰ ਮਦਨ ਸਿੰਘ ਵਾਸੀ 780/2 ਧਰਮਪੁਰਾ ਬਾਜ਼ਾਰ ਪਟਿਆਲਾ, ਲੱਕੜ ਮੰਡੀ ਅਤੇ ਰੋੜੀ ਕੁੱਟ ਮੁਹੱਲਾ ਨੇੜੇ ਦੜਾ ਸੱਟਾ ਲਗਾ ਰਹੇ ਹਨ, ਜਿਸ ਤੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਅਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਦੀਆਂ ਪੁਲੀਸ ਪਾਰਟੀਆਂ ਦਾ ਗਠਨ ਕਰ ਕੇ ਮੁਕੱਦਮਾ ਨੰਬਰ 368 ਮਿਤੀ 18 ਅਕਤੂਬਰ 2021 ਅਧੀਨ ਧਾਰਾ 13 A/3/67G ਐਕਟ ਅਧੀਨ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਰਜਿਸਟਰਡ ਕਰਕੇ 520 ਰੁਪਏ ਬਰਾਮਦ ਕੀਤੇ ਗਏ l ਮੁਕੱਦਮੇ ਦੀ ਤਫਤੀਸ਼ ਜਾਰੀ ਹੈ l