ਅੰਮ੍ਰਿਤਸਰ : ਦਰਬਾਰ ਸਾਹਿਬ ਵਿਖੇ ਬੀਤੀ ਰਾਤ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਭਾਵੇਂ ਸੰਗਤ ਤੇ ਪ੍ਰਬੰਧਕਾਂ ਵੱਲੋਂ ਪੁੱਛ-ਪੜਤਾਲ ਸਮੇਂ ਕੀਤੀ ਗਈ ਕੁੱਟ ਮਾਰ ਦਰਮਿਆਨ ਜਾਨ ਤੋਂ ਹੱਥ ਧੋਣੇ ਪਏ ਹਨ। ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਸੀਸੀਟੀਵੀ ਫੁਟੇਜ ਦੀ ਖੰਗਾਲ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ, ਇਹ ਪਤਾ ਕਰ ਰਹੀ ਹੈ ਕਿ ਇਸ ਵਿਅਕਤੀ ਦੇ ਨਾਲ ਹੋਰ ਕੌਣ ਕੌਣ ਸ਼ਾਮਲ ਸਨ। ਪਤਾ ਲੱਗਾ ਹੈ ਕਿ ਬਹੁਤ ਲੰਬਾ ਸਮਾਂ ਉਹ ਦਰਬਾਰ ਸਾਹਿਬ ਦੇ ਗਲਿਆਰੇ ਅਤੇ ਪਰਿਕਰਮਾ ਵਿਚ ਘੁੰਮਦਾ ਰਿਹਾ। ਦਰਬਾਰ ਸਾਹਿਬ ਦੇ ਅੰਦਰ ਦੀ ਬਣੀ ਸੀਸੀਟੀਵੀ ਫੁਟੇਜ ਤੋਂ ਉਸ ਦੀ ਫੁਰਤੀ ਦੇਖਦਿਆਂ ਇਹ ਪਤਾ ਲੱਗਦਾ ਹੈ ਕਿ ਉਸ ਨੇ ਜਿਸ ਤਰ੍ਹਾਂ ਜੰਗਲਾਂ ਟੱਪਣ ਵਿਚ ਫੁਰਤੀ ਦਿਖਾਈ, ਉਸੇ ਤਰ੍ਹਾਂ ਤਾਬਿਆ ਦੇ ਅੱਗੇ ਪਈ ਇਤਿਹਾਸਕ ਕਿਰਪਾਨ ਨੂੰ ਵੀ ਚੁੱਕਿਆ। ਭਾਵੇਂ ਇਹ ਘਟਨਾ, ਦਰਬਾਰ ਸਾਹਿਬ ਦੇ ਜੰਗਲੇ ਦੇ ਅੰਦਰ ਸਿਰਫ਼ ਦੱਸ ਸੈਕਿੰਡ ਦੀ ਹੀ ਰਹੀ, ਪਰ ਫਿਰ ਵੀ ਦੁਨੀਆਂ ਭਰ ਦੇ ਸਿੱਖਾਂ ਨੂੰ ਇਸ ਨੇ ਝੰਜੋੜ ਕੇ ਰੱਖ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਇੰਤਜ਼ਾਮਾਂ ਨੂੰ ਵੀ ਹੋਰ ਵਧਾ ਦਿੱਤਾ ਹੈ। ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਸਮੇਂ ਜੰਗਲਿਆਂ ਦੇ ਆਸਪਾਸ ਮੈਂਬਰ ਸੁਰੱਖਿਆ ਹੋਰ ਤੈਨਾਤ ਕਰ ਦਿੱਤੇ ਗਏ ਹਨ। ਪਰਕਰਮਾ ਦੇ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਲਗਾਤਾਰ ਇਹ ਖੰਗਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਨਾਲ ਕੋਈ ਹੋਰ ਮਿਲਵਰਤਨ ਵਾਲਾ ਵਿਅਕਤੀ ਸਾਹਮਣੇ ਆ ਸਕੇ।