ਕਪੂਰਥਲਾ ਦੇ ਨਿਜ਼ਾਮਪੁਰ ‘ਚ ਕਥਿਤ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਕੁੱਟਮਾਰ ਦੌਰਾਨ ਮੌਤ, ਪੁਲਿਸ ਨੇ ਕਿਹਾ ਬੇਅਦਬੀ ਦੇ ਸਬੂਤ ਨਹੀਂ

ਕਪੂਰਥਲਾ ਦੇ ਨਿਜ਼ਾਮਪੁਰ ‘ਚ ਕਥਿਤ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਕੁੱਟਮਾਰ ਦੌਰਾਨ ਮੌਤ ਤੋਂ ਬਾਅਦ ਪੁਲਿਸ ਨੇ ਕਿਹਾ ਹੈ ਕਿ  ਬੇਅਦਬੀ ਦੇ ਸਬੂਤ ਨਹੀਂ ਮਿਲੇ ਹਨ | ਇਸ ਵਿਅਕਤੀ ਬਾਰੇ ਨਿਜ਼ਾਮਪੁਰ ਗੁਰਦੁਆਰੇ ਦੇ ਗ੍ਰੰਥੀ ਨੇ ਇੱਕ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਇਹ ਵਿਅਕਤੀ ਗੁਰਦੁਆਰੇ ਵਿੱਚ ਐਵਤਾਰ ਤੜਕੇ 4 ਵਜੇ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਇਆ ਸੀ।

ਕਪੂਰਥਲਾ

ਭਾਵੇਂ ਕਿ ਪੁਲਿਸ ਨੇ ਬੇਅਦਬੀ ਹੋਣ ਜਾਂ ਕੋਸ਼ਿਸ਼ ਬਾਰੇ ਪੁਸ਼ਟੀ ਨਹੀਂ ਕੀਤੀ ਅਤੇ ਜ਼ਿਲ੍ਹੇ ਦੇ ਐੱਸਐੱਸਪੀ ਇਸ ਨੂੰ ਤਫ਼ਤੀਸ਼ ਦਾ ਮਾਮਲਾ ਦੱਸ ਰਹੇ ਹਨ।

ਜਲੰਧਰ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਿਸ਼ਾਨ ਸਾਹਿਬ ਨਾਲ ਕੋਈ ਛੇੜਛਾੜ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇਖਿਆ ਹੈ ਅਤੇ ਉਸੇ ਤਰ੍ਹਾਂ ਸੁਸ਼ੋਭਿਤ ਹਨ ਅਤੇ ਕੋਈ ਛੇੜ ਛਾੜ ਨਹੀਂ ਹੋਈ।

ਉਨ੍ਹਾਂ ਮੁਤਾਬਕ ਸ਼ਿਕਾਇਤ ਕਰਨ ਵਾਲੇ ਨੇ ਕਿਹਾ ਕਿ ਨਿਸ਼ਾਨ ਸਾਹਿਬ ਨਾਲ ਛੇੜ ਛਾੜ ਹੋਈ ਹੈ ਅਤੇ ਇਸੇ ਆਧਾਰ ਉੱਤੇ ਅਸੀਂ ਮਾਮਲਾ ਦਰਜ ਕੀਤਾ ਹੈ।

ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ  ਦੱਸਿਆ ਕਿ ਗ੍ਰੰਥੀ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।

ਕਥਿਤ ਮੁਲਜ਼ਮ ਨੂੰ ਗੁਰਦੁਆਰੇ ਦੇ ਕਮਰੇ ਵਿੱਚ ਹੀ ਬੰਦ ਕਰਕੇ ਰੱਖਿਆ ਗਿਆ ਸੀ। ਭੜਕੇ ਲੋਕ ਉਸ ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ।

ਪੁਲਿਸ ਨੇ ਉਨ੍ਹਾਂ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਲੋਕ ਨਹੀਂ ਮੰਨੇ, ਹਾਲਾਤ ਤਣਾਅ ਵਾਲਾ ਸੀ, ਪੁਲਿਸ ਨੇ ਲਾਠੀਚਾਰਜ ਤੋਂ ਗੁਰੇਜ਼ ਕੀਤਾ, ਪਰ ਲੋਕ ਜ਼ਬਰੀ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਕਥਿਤ ਮੁਲਜ਼ਮ ਦੀ ਕੁੱਟਮਾਰ ਕੀਤੀ।

ਪੁਲਿਸ ਨੇ ਕਥਿਤ ਮੁਲਜ਼ਮ ਨੂੰ ਜਦੋਂ ਤੱਕ ਕਬਜ਼ੇ ਵਿੱਚ ਲਿਆ ਉਹ ਬੇਸੁਧ ਹੋ ਗਿਆ ਸੀ। ਉਸ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ।

ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਮਾਰਿਆ ਹੈ ਉਨ੍ਹਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਹੋਵੇਗਾ।

ਇਸ ਤੋਂ ਪਹਿਲਾਂ ਕਪੂਰਥਲਾ ਦੇ ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਕਿਹਾ ਕਿ ਇਸਦੀ ਅਜੇ ਤਫ਼ਤੀਸ਼ ਹੋਣੀ ਬਾਕੀ ਹੈ ਕਿ ਇਹ ਬੇਅਦਬੀ ਦਾ ਮਾਮਲਾ ਹੈ ਜਾਂ ਨਹੀਂ।

ਮੁਲਜ਼ਮ ਨੂੰ ਪੁਲਿਸ ਹਵਾਲੇ ਕਰਨ ਤੋਂ ਲੋਕਾਂ ਦਾ ਇਨਕਾਰ

ਇਸ ਮਾਮਲੇ ਵਿੱਚ ਜਿਸ ਵਿਅਕਤੀ ਨੂੰ ਫੜਿਆ ਗਿਆ ਸੀ, ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਸ ਨੂੰ ਗੁਰਦਆਰੇ ਦੇ ਇੱਕ ਕਮਰੇ ਵਿੱਚ ਰੱਖਿਆ ਹੋਇਆ ਸੀ।

ਪੁਲਿਸ ਇਸ ਦੀ ਲੋਕਾਂ ਤੋ ਕਸਟੱਡੀ ਮੰਗਦੀ ਰਹੀ ਅਤੇ ਲੋਕਾਂ ਨੂੰ ਸਮਝਾਉਂਦੀ ਰਹੀ ਪਰ ਲੋਕ ਅੜੇ ਅਤੇ ਸਮਾਂ ਬੀਤਣ ਨਾਲ ਲੋਕਾਂ ਦੀ ਗਿਣਤੀ ਵਧਦੀ ਗਈ।

ਪੁਲਿਸ ਨਾਲ ਲੋਕਾਂ ਦੀ ਧੱਕਾਮੁੱਕੀ ਵੀ ਹੋਈ ਪਰ ਮਸਲਾ ਨਾਜ਼ੁਕ ਹੋਣ ਕਰਕੇ ਪੁਲਿਸ ਨੇ ਬਲ ਪ੍ਰਯੋਗ ਤੋਂ ਗੁਰੇਜ਼ ਕੀਤਾ। ਪਰ ਲੋਕ ਜ਼ਬਰੀ ਇਮਾਰਤ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਕਮਰੇ ਦੀ ਬਾਰੀ ਭੰਨ ਦਿੱਤੀ ਅਤੇ ਮੁਲਜ਼ਮ ਦੀ ਕੁੱਟਮਾਰ ਕੀਤੀ।

ਇਸ ਤੋਂ ਪਹਿਲਾਂ ਫੇਸਬੁੱਕ ਲਾਈਵ ਵੀਡੀਓ ਵਿੱਚ ਗੁਰੂਦੁਆਰੇ ਦੇ ਗ੍ਰੰਥੀ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਮੁਲਜ਼ਮ ਨੂੰ ਪ੍ਰਸ਼ਾਸਨ ਹਵਾਲੇ ਨਹੀਂ ਕਰਨਗੇ ਕਿਉਂਕਿ ਪ੍ਰਸ਼ਾਸਨ ਉਸ ਨੂੰ ਪਾਗਲ ਕਹਿ ਕੇ ਛੱਡ ਦੇਵੇਗਾ।

ਨਿਜ਼ਾਮਪੁਰ ਬੇਅਦਬੀ ਮਾਮਲਾ ਕੀ ਹੈ

ਐਤਵਾਰ ਸਵੇਰੇ ਨਿਜ਼ਾਮਪੁਰ ਗੁਰਦੁਆਰੇ ਦੇ ਗ੍ਰੰਥੀ ਅਮਰਜੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾ ਕੇ ਗੁਰਦੁਆਰੇ ਵਿੱਚ ਬੇਅਦਬੀ ਦੀ ਨੀਅਤ ਨਾਲ ਆਏ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ, ਜ਼ਮੀਨ ‘ਤੇ ਲੇਟੇ ਇੱਕ ਵਿਅਕਤੀ ਨੂੰ ਸੋਟੀਆਂ ਨਾਲ ਕੁੱਟ ਰਿਹਾ ਹੈ ਤੇ ਨੇੜੇ ਕੁਝ ਲੋਕ ਵੀ ਖੜ੍ਹੇ ਹਨ।

ਫਿਰ ਇੱਕ ਵਿਅਕਤੀ ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ, ਇਸ ਘਟਨਾ ਬਾਰੇ ਕਹਿੰਦਾ ਹੈ ਕਿ ਇਲਾਕੇ ਵਿੱਚ ਕੁਝ ਅਜਿਹੇ ਲੋਕ ਛੱਡੇ ਹੋਏ ਹਨ ਅਤੇ ਪਿੰਡ ਦੇ ਗੁਰਦੁਆਰੇ ਵਿੱਚ ਉਨ੍ਹਾਂ ਨੇ ਸਵੇਰੇ ਇੱਕ ਵਿਅਕਤੀ ਨੂੰ ਫੜਿਆ ਹੈ, ਜੋ ਕਿ ਬੇਅਦਬੀ ਕਰਨ ਦੀ ਨੀਅਤ ਰੱਖਦਾ ਸੀ।

ਵੀਡੀਓ ਵਿੱਚ ਗ੍ਰੰਥੀ ਦਾਅਵਾ ਕਰ ਰਿਹਾ ਹੈ, ”ਇਹ ਵਿਅਕਤੀ ਬੇਅਦਬੀ ਦੀ ਨੀਅਤ ਦੇ ਨਾਲ ਗੁਰੂਦੁਆਰਾ ਸਾਹਿਬ ਨਿਜ਼ਾਮਪੁਰ ਮੋੜ ਵਿਖੇ ਆਇਆ, ਉੱਪਰ ਦਰਬਾਰ ਸਾਹਿਬ ਵਿੱਚ ਗਿਆ, ਉੱਥੇ ਸੁਖਾਸਣ ਕਮਰੇ ਵਿੱਚ ਜਾਣ ਦੀ ਬਜਾਏ ਸੁਖਮਣੀ ਸਾਹਿਬ ਵਾਲੇ ਕਮਰੇ ਵਿੱਚ ਵੜ ਗਿਆ।”

”ਉੱਥੋਂ ਫਰੋਲਾ-ਫਰਾਲੀ ਕਰਨ ਤੋਂ ਬਾਅਦ, ਉੱਥੇ ਲਾਈਟ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਥੱਲੇ ਆਉਂਦਾ ਹੈ ਤੇ ਅੰਮ੍ਰਿਤ ਵੇਲੇ 4 ਵਜੇ ਜਿਸ ਸਮੇਂ ਮੇਰੀ ਜਾਗ ਖੁੱਲੀ ਤੇ ਇਸ਼ਨਾਨ ਕਰਨ ਲਈ ਉੱਠਿਆ ਤਾਂ ਇਹ ਸ਼ਖਸ ਮੈਨੂੰ ਅੱਗੇ ਮਿਲਿਆ।”

”ਮੈਂ ਭੱਜ ਕੇ ਇਸ ਨੂੰ ਜੱਫਾ ਪਾਉਣਾ ਚਾਹਿਆ ਤਾਂ ਇਹ ਮੈਨੂੰ ਧੱਕਾ ਦੇ ਕੇ ਭੱਜ ਗਿਆ।”

ਕਪੂਰਥਲਾ

”ਇਸ ਕੋਲ ਹਿੰਦੂ ਧਰਮ ਦੇ ਵੀ ਗ੍ਰੰਥ ਸਨ, ਉਨ੍ਹਾਂ ਦੀ ਵੀ ਬੇਅਦਬੀ ਦੇ ਨਾਲ ਇੱਥੋਂ ਸਾਡੇ ਗੁਰੂਦੁਆਰਾ ਸਾਹਿਬ ਆਇਆ।”

ਗ੍ਰੰਥੀ ਦੀ ਵੀਡੀਓ ਮੁਤਾਬਕ, ”ਫਿਰ ਸਭ ਨੇ ਮਿਲ ਕੇ ਮੁਲਜ਼ਮ ਨੂੰ ਫੜ ਲਿਆ ਤੇ ਉਦੋਂ ਤੋਂ ਉਹ ਸਿਰਫ ਇੱਕੋ ਗੱਲ ਕਹਿ ਰਿਹਾ ਹੈ ਕਿ ਉਹ ਦਿੱਲੀ ਤੋਂ ਆਇਆ ਹੈ ਤੇ ਮੇਰੀ ਇੱਕ ਭੈਣ ਵੀ ਬੇਅਦਬੀ ਕਰਦੀ ਮਾਰੀ ਗਈ ਹੈ।”

ਵੀਡੀਓ ਵਿੱਚ ਇਹ ਗੱਲਾਂ ਦੱਸਣ ਵਾਲਾ ਗ੍ਰੰਥੀ ਕਹਿੰਦਾ ਹੈ ”ਮੈਨੂੰ ਲੱਗਦਾ ਹੈ ਕਿ ਰਾਤ ਜੋ ਦਰਬਾਰ ਸਾਹਿਬ ‘ਚ ਬੇਅਦਬੀ ਹੋਈ ਹੈ, ਉਸ ਆਧਾਰ ‘ਤੇ ਇਹ ਸ਼ਖਸ ਉਸੇ ਸਮੂਹ ਦਾ ਹੋ ਸਕਦਾ ਹੈ ਕਿ ਪਿੰਡ ਅਤੇ ਸ਼ਹਿਰਾਂ ‘ਚ ਜਾ ਕੇ ਗੁਰੂ ਘਰ ਦੀ ਬੇਅਦਬੀ ਕਰੋ।”

ਫਿਰ ਗ੍ਰੰਥੀ ਕਹਿੰਦਾ ਹੈ ”ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਅੱਗੇ ਤੋਂ ਅੱਗੇ ਇਸ ਘਟਨਾ ਦੀ ਜਾਣਕਾਰੀ ਪਹੁੰਚਾਈ ਜਾਵੇ ਕਿ ਗੁਰਦੁਆਰਾ ਸਾਹਿਬ ਨਿਜ਼ਾਮਪੁਰ ਪਹੁੰਚਣ ਤਾਂ ਜੋ ਉਕਤ ਵਿਅਕਤੀ ਨੂੰ ਪੰਥਕ ਰਿਆਇਤਾਂ ਅਨੁਸਾਰ ਜੋ ਧਾਰਮਿਕ ਸਜ਼ਾ ਹੈ ਉਹ ਦਿੱਤੀ ਜਾਵੇ।”

”ਜੇ ਆਪਾਂ ਇਸ ਨੂੰ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਤਾਂ ਉਨ੍ਹਾਂ ਨੇ ਇਸ ਨੂੰ ਮੈਂਟਲ ਕਹਿ ਕੇ ਛੱਡ ਦੇਣਾ ਹੈ।”

ਬੇਅਦਬੀ ਮਾਮਲੇ ਨੂੰ ਪੁਲਿਸ ਨੇ ਦੱਸਿਆ ਚੋਰੀ

ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਬੇਅਦਬੀ ਦੀ ਕੋਸ਼ਿਸ਼ ਦੱਸੇ ਜਾ ਰਹੇ ਮਾਮਲੇ ਵਿੱਚ ਐੱਸਐੱਸਪੀ ਕਪੂਰਥਲਾ ਦਾ ਕਹਿਣਾ ਹੈ ਕਿ ਇਹ ਮਾਮਲਾ ਚੋਰੀ ਦਾ ਹੈ। ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਚੋਰ ਸਿਲੰਡਰ ਚੋਰੀ ਕਰਨ ਦੇ ਇਰਾਦੇ ਨਾਲ ਗੁਰੂਦੁਆਰੇ ‘ਚ ਆਇਆ ਸੀ।

ਪੁਲਿਸ ਮੁਤਾਬਕ, ਉੱਥੇ ਗੁਰਦੁਆਰੇ ਦੇ ਤਿੰਨ ਕਮਰਿਆਂ ਵਿੱਚ ਬਣੀ ਪੁਲਿਸ ਚੌਕੀ ਦਾ ਇੱਕ ਪੁਰਾਣਾ ਰੌਲ਼ਾ ਚੱਲ ਰਿਹਾ ਹੈ, ਉਥੇ ਹੁਣ ਕੋਈ ਚੋਰ ਫੜਿਆ ਗਿਆ ਹੈ, ਜੋ ਸਿਲੰਡਰ ਚੋਰੀ ਕਰਨ ਆਇਆ ਸੀ ਤੇ ਉਸ ਨੂੰ ਬਾਬੇ ਨੇ ਹੁਣ ਬੇਅਦਬੀ ਬਣਾ ਦਿੱਤਾ।

ਮੁੱਦਾ ਚੌਕੀ ਖਾਲੀ ਕਰਾਉਣ ਦਾ ਹੈ। ਉਹ ਹੁਣ ਮਾਮਲੇ ਨੂੰ ਤੂਲ ਦੇ ਰਹੇ ਹਨ ਅਤੇ ਇਸ ਬਾਰੇ ਫੇਸਬੁੱਕ ‘ਤੇ ਵੀ ਜਾਣਕਾਰੀ ਪਾ ਦਿੱਤੀ ਹੈ।

ਉਹ ਬੰਦਾ ਸਾਨੂੰ ਸੌਂਪ ਨਹੀਂ ਰਹੇ। ਗੁਰਦੁਆਰਾ ਉੱਪਰ ਹੈ ਤੇ ਬੰਦਾ ਹੇਠਾਂ ਤੋਂ ਫੜ੍ਹਿਆ ਗਿਆ ਹੈ। ਇਹ ਸਾਰੀ ਗੱਲ ਨੂੰ ਦਰਬਾਰ ਸਾਹਿਬ ਦੇ ਮਾਮਲੇ ਨਾਲ ਜੋੜ ਰਹੇ ਹਨ।

Leave a Reply

Your email address will not be published.