SSP ਰਾਜਬਚਨ ਸਿੰਘ ਸਿੱਧੂ ਦੀ ਅਗਵਾਈ ਹੇਠ ਲੁਧਿਆਣਾ ਰੂਰਲ ਪੁਲਿਸ ਨੇ ਚੁੱਕਤੇ ਫੱਟੇ ਬਦਮਾਸ਼ਾਂ ਦੇ
ਦਿਹਾਤੀ ਪੁਲਿਸ ਜ਼ਿਲ੍ਹਾ ਲੁਧਿਆਣਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ । ਜਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ ਐੱਸ ਪੀ ਸ੍ਰੀ ਰਾਜਬਚਨ ਸਿੰਘ ਸੰਧੂ ਪੀ ਪੀ ਐੱਸ ਦੇ ਹੁਕਮਾਂ ਨਾਲ ਮਾੜੇ ਅਨਸਰਾਂ ਅਤੇ ਨਾਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਚਲਾਈ ਗਈ ਮੁਹਿੰਮ ਨੂੰ ਉਦੋਂ ਸਫਲਤਾ ਮਿਲੀ ਜਦੋਂ ਸ. ਬਲਵਿੰਦਰ ਸਿੰਘ ਪੀਪੀਐਸ ਐਸਪੀ ਡੀ ਜਗਰਾਓਂ ਅਤੇ ਸ੍ਰੀ ਅਨਿਲ ਕੁਮਾਰ ਭਨੋਟ ਪੀਪੀਐਸ ਡੀਐਸਪੀ ਡੀ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ ਸੀਆਈਏ ਸਟਾਫ਼ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਨਿਗਰਾਨੀ ਹੇਠ ਐੱਸ ਆਈ ਗੁਰਸੇਵਕ ਸਿੰਘ ਸਮੇਤ ਪੁਲੀਸ ਪਾਰਟੀ ਦੇ ਚੈਕਿੰਗ ਅਤੇ ਗਸ਼ਤ ਲਈ ਬੱਸ ਸਟਾਪ ਜੀ ਟੀ ਰੋਡ ਪਿੰਡ ਸਿੱਧਵਾਂ ਕਲਾਂ ਮੌਜੂਦ ਸੀ ਤਾਂ ਐੱਸ ਆਈ ਗੁਰਸੇਵਕ ਸਿੰਘ ਕੋਲ ਮੁਖ਼ਬਰ ਨੇ ਆ ਕੇ ਇਤਲਾਹ ਦਿੱਤੀ ਕਿ ਨਵਜੋਤ ਸਿੰਘ ਉਰਫ਼ ਜੋਤਾ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਗੁੜ੍ਹੇ ਜ਼ਿਲ੍ਹਾ ਲੁਧਿਆਣਾ ਨਾਜਾਇਜ਼ ਅਸਲਾ ਲੈ ਕੇ ਅਕਸਰ ਇਲਾਕੇ ਵਿੱਚ ਘੁੰਮਦਾ ਰਹਿੰਦਾ ਹੈ। ਪੁਲੀਸ ਪਾਰਟੀ ਨੇ ਸੂਚਨਾ ਮਿਲਣ ਉਪਰੰਤ ਜਦੋਂ ਰੇਡ ਕੀਤੀ ਅਤੇ ਪਿੰਡ ਚੌਕੀਮਾਨ ਭੱਠੇ ਵਾਲੇ ਰਸਤੇ ਤੇ ਪੈਦਲ ਜੀ ਟੀ ਰੋਡ ਰਾਹੀਂ ਸੀ ਡੀ ਯੂਨੀਵਰਸਿਟੀ ਵੱਲ ਜਾਂਦੇ ਹੋਏ ਨਵਜੋਤ ਸਿੰਘ ਉਰਫ਼ ਜੋਤਾ ਪੁੱਤਰ ਬਲਜਿੰਦਰ ਸਿੰਘ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰ ਲਿਆ । ਇਸ ਸਬੰਧ ਵਿਚ ਥਾਣਾ ਸਦਰ ਜਗਰਾਉਂ ਵਿਖੇ ਧਾਰਾ 25/54/59 ਆਰਮਜ਼ ਐਕਟ ਅਧੀਨ ਮੁਕੱਦਮਾ ਨੰਬਰ 173 ਦਰਜ ਰਜਿਸਟਰ ਕੀਤਾ ਗਿਆ । ਮੌਕੇ ਤੇ ਨਵਜੋਤ ਸਿੰਘ ਉਰਫ਼ ਜੋਤਾ ਪਾਸੋਂ ਇਕ ਪਿਸਤੌਲ 32 ਬੋਰ ਦੇਸੀ ਮੈਗਜ਼ੀਨ ਵਾਲਾ ਸਮੇਤ 3 ਜ਼ਿੰਦਾ ਰੌਂਦ 32 ਬੋਰ ਬਰਾਮਦ ਕੀਤੇ ਗਏ ਅਤੇ ਇਸ ਤੋਂ ਬਾਅਦ ਅੱਗੇ ਤਫਤੀਸ਼ ਦੌਰਾਨ ਇਸ ਕੋਲੋਂ ਇਕ ਬਾਰਾਂ ਬੋਰ ਦੀ ਡਬਲ ਬੈਰਲ ਵਾਲੀ ਰਾਈਫਲ ਅਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਦੋਸ਼ੀ ਨਵਜੋਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਹੋਰ ਪੁੱਛਗਿੱਛ ਤੇ ਤਫਤੀਸ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਏ ਐਸ ਆਈ ਰਣਧੀਰ ਸਿੰਘ ਪੁਲਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਤੇ ਮੌਜੂਦ ਸੀ ਤਾਂ ਰਣਧੀਰ ਸਿੰਘ ਕੋਲ ਮੁਖਬਰ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਦਾਖਾ ਜ਼ਿਲ੍ਹਾ ਲੁਧਿਆਣਾ ਕੋਲ ਨਾਜਾਇਜ਼ ਅਸਲਾ ਹੈ ਜਿਹੜਾ ਕਿ ਨਾਜਾਇਜ਼ ਅਸਲੇ ਨਾਲ ਲੈਸ ਹੋ ਕੇ ਇਲਾਕੇ ਵਿੱਚ ਘੁੰਮਦਾ ਰਹਿੰਦਾ ਹੈ। ਇਹ ਸੂਚਨਾ ਮਿਲਣ ਤੇ ਏ ਐਸ ਆਈ ਰਣਧੀਰ ਸਿੰਘ ਨੇ ਕਾਰਵਾਈ ਕੀਤੀ ਅਤੇ ਪਿੰਡ ਚੌਕੀਮਾਨ ਤੋਂ ਪਿੰਡ ਸੇਖੂਪੁਰਾ ਨੂੰ ਜਾਂਦੀ ਲਿੰਕ ਸੜਕ ਤੋਂ ਬੂਟਾ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਕਾਬੂ ਕਰਕੇ ਉਸਦੇ ਕੋਲੋਂ ਇਕ ਪਿਸਤੌਲ 32 ਬੋਰ ਮੈਗਜ਼ੀਨ ਸਮੇਤ ਅਤੇ 3 ਜ਼ਿੰਦਾ ਰੌਂਦ ਬੱਤੀ ਬੋਰ ਬਰਾਮਦ ਕੀਤੇ ਗਏ । ਤਫਤੀਸ਼ ਉਪਰੰਤ ਬੂਟਾ ਸਿੰਘ ਤੋਂ ਇੱਕ ਹੋਰ ਪਿਸਤੌਲ 32 ਬੋਰ ਸਮੇਤ 2 ਜਿੰਦਾ ਰਾਊਂਡ ਬਰਾਮਦ ਕੀਤੇ ਗਏ ।ਦੋਸ਼ੀ ਬੂਟਾ ਸਿੰਘ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਹੋਰ ਪੁੱਛਗਿੱਛ ਤੇ ਤਫਤੀਸ਼ ਕੀਤੀ ਜਾਵੇਗੀ ਜਿਸ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ । ਇਸ ਸੰਬੰਧ ਵਿਚ ਥਾਣਾ ਸਦਰ ਜਗਰਾਉਂ ਵਿਖੇ ਬੂਟਾ ਸਿੰਘ ਦੇ ਖ਼ਿਲਾਫ਼ 25/54/59 ਆਰਮਜ਼ ਐਕਟ ਅਧੀਨ ਮੁਕੱਦਮਾ ਨੰਬਰ 174 ਦਰਜ ਕਰ ਲਿਆ ਗਿਆ ਹੈ।