ਉੱਘੇ ਸ਼ਾਇਰ ਅਤੇ ਸਾਬਕਾ ਖਾਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਮੁਸੀਬਤ ਵਧੀ ਚੰੜੀਗੜ੍ਹ ਦੀਆਂ ਦੋ ਕੋਠੀਆਂ ਤੇ ਵਿਜੀਲੈਂਸ ਦਾ ਛਾਪਾ
ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਭਗੋੜੇ ਚੱਲ ਰਹੇ ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਡੀ ਐਸ ਪੀ ਵਿਜੀਲੈਂਸ ਕੁਲਵੰਤ ਸਿੰਘ ਲਾਹਿਰੀ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਸਰਚ ਵਾਰੰਟ ਲੈ ਕੇ ਮਨਪ੍ਰੀਤ ਬਾਦਲ ਦੀਆਂ ਸੈਕਟਰ 7 D ਚੰਡੀਗੜ੍ਹ ਵਿਖੇ ਕੋਠੀਆਂ ਦੀ ਸਰਚ ਕੀਤੀ. ਕੋਠੀ ਨੰਬਰ 1625 ਅਤੇ 1622 ਦੀ ਗਹਿਰਾਈ ਨਾਲ ਕੀਤੀ ਗਈ ਕਪੜਛਾਣ ਉਪਰੰਤ ਵਿਜੀਲੈਂਸ ਟੀਮ ਨੂੰ ਕਈ ਅਹਿਮ ਗੱਲਾਂ ਦਾ ਪਤਾ ਲੱਗਿਆ ਹੈ ਜਿਸ ਨਾਲ ਉਘੇ ਸ਼ਾਇਰ ਮਨਪ੍ਰੀਤ ਬੇਦਿਲ ਦੀਆਂ ਮੁਸੀਬਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ .
ਪਲਾਟ ਘੁਟਾਲੇ ਦੇ ਮਾਮਲੇ ਵਿੱਚ ਜ਼ਮਾਨਤ ਪਟੀਸ਼ਨ ਰੱਦ ਹੋਣ ਦੇ ਬਾਵਜੂਦ ਮਨਪ੍ਰੀਤ ਬਾਦਲ (Manpreet Badal) ਰੂਪੋਸ਼ ਹੈ ਜਦਕਿ ਵਿਜੀਲੈਂਸ ਵੱਲੋਂ ਉਸ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਭਾਗ ਨੇ ਉਸ ਦੇ ਕਈ ਸਮਰਥਕਾਂ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਵੀ ਲਈ ਅਤੇ ਦਿੱਲੀ ਸਮੇਤ ਗੁਆਂਢੀ ਰਾਜਾਂ ‘ਤੇ ਵੀ ਨਜ਼ਰ ਰੱਖੀ ਪਰ ਮਨਪ੍ਰੀਤ ਨਹੀਂ ਮਿਲਿਆ।
ਇਸੇ ਮਾਮਲੇ ਵਿੱਚ ਮੁਕਤਸਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਤੇ ਤਤਕਾਲੀ ਬੀ.ਡੀ.ਏ. ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਨੇ ਸਥਾਨਕ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ, ਜਿਸ ’ਤੇ ਫ਼ੈਸਲਾ 16 ਅਕਤੂਬਰ ਨੂੰ ਹੋਵੇਗਾ।
ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਮੁਲਜ਼ਮਾਂ ਦੇ ਵਕੀਲ ਅਤੇ ਸਰਕਾਰੀ ਵਕੀਲ ਅਮਰਜੀਤ ਸਿਆਲ ਵਿਚਾਲੇ ਕਾਫੀ ਬਹਿਸ ਹੋਈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਨੇ ਫ਼ੈਸਲਾ 16 ਅਕਤੂਬਰ ਲਈ ਰਾਖਵਾਂ ਰੱਖ ਲਿਆ ਹੈ। ਮਨਪ੍ਰੀਤ ਬਾਦਲ ਨੇ 4 ਅਕਤੂਬਰ ਨੂੰ ਇਸੇ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਉਹ ਹਾਈਕੋਰਟ ਦਾ ਰੁਖ ਕਰਨ ਜਾ ਰਿਹਾ ਹੈ। ਇਸ ਮਾਮਲੇ ਦੇ ਤਿੰਨ ਮੁਲਜ਼ਮ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਜੇਲ੍ਹ ਵਿੱਚ ਹਨ ਜਦਕਿ ਤਿੰਨ ਫਰਾਰ ਹਨ।