ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਡੀ.ਜੀ.ਪੀ. ਪੰਜਾਬ ਦਾ ਚਾਰਜ ਸੰਭਾਲਿਆ
1988 ਬੈੱਚ ਦੇ ਆਈ.ਪੀ.ਐਸ. ਅਧਿਕਾਰੀ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡੀ.ਜੀ.ਪੀ. ਬਣੇ ਹਨ।
ਆਰਮਡ ਬਟਾਲੀਅਨਜ਼, ਜਲੰਧਰ ਵਿਖ਼ੇ ਸਪੈਸ਼ਲ ਡੀ.ਜੀ.ਪੀ. ਵਜੋਂ ਤਾਇਨਾਤ ਸ:ਸਹੋਤਾ ਨੂੰ ਹਾਲ ਦੀ ਘੜੀ ਡੀ.ਜੀ.ਪੀ. ਵਜੋਂ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਇਸ ਸੰਬੰਧੀ ਹੁਕਮ ਅੱਜ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।
ਸ੍ਰੀ ਦਿਨਕਰ ਗੁਪਤਾ ਜੋ ਹੁਣ ਤਕ ਰਾਜ ਦੇ ਡੀ.ਜੀ.ਪੀ.ਸਨ, ਚੰਨੀ ਸਰਕਾਰ ਦੇ ਬਣਨ ’ਤੇ ਛੁੱਟੀ ’ਤੇ ਚਲੇ ਗਏ ਹਨ ਜਿਸ ਨਾਲ ਸਰਕਾਰ ਲਈ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀ.ਜੀ.ਪੀ. ਵਜੋਂ ਐਡੀਸ਼ਨਲ ਚਾਰਜ ਦੇਣ ਦਾ ਰਾਹ ਪੱਧਰਾ ਹੋ ਗਿਆ। ਇਸ ਹੁਕਮ ਤੋਂ ਬਾਅਦ ਹੁਣ ਸ: ਸਹੋਤਾ ਰਾਜ ਦੇ ਡੀ.ਜੀ.ਪੀ. ਦੇ ਅਧਿਕਾਰਾਂ ਦੀ ਵਰਤੋਂ ਕਰਨਗੇ।
ਯਾਦ ਰਹੇ ਕਿ ਅਜੇ ਬੀਤੇ ਕਲ੍ਹ ਹੀ ਸ:ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਦਿਨਕਰ ਗੁਪਤਾ ਦੀ ਧਰਮਪਤਨੀ ਸ੍ਰੀਮਤੀ ਵਿਨੀ ਮਹਾਜਨ ਆਈ.ਏ.ਐਸ. ਮੁੱਖ ਸਕੱਤਰ ਦੇ ਵਕਾਰੀ ਅਹੁਦੇ ਤੋਂ ਹਟਾ ਕੇ ਇਕ ਹੋਰ ਸੀਨੀਅਰ ਆਈ.ਏ.ਐਸ.ਅਧਿਕਾਰੀ ਸ੍ਰੀ ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਸੀ। ਸ਼੍ਰੀ ਦਿਨਕਰ ਗੁਪਤਾ ਆਮ ਜਨਤਾ ਨੂੰ ਮਿਲਣ ਤੋਂ ਅਕਸਰ ਕਤਰਾਉਂਦੇ ਸਨ ਅਤੇ ਕਈ ਵਾਰੀ ਸੀਨੀਅਰ ਅਧਿਕਾਰੀਆਂ ਦੀ ਫੋਨ ਕਾਲ ਵੀ ਨਜਰ ਅੰਦਾਜ਼ ਕਰ ਦਿੰਦੇ ਸਨ . ਪਟਿਆਲਾ ਵਿੱਚ ਕਿੰਨਰਾਂ ਦੇ ਡੇਰੇ ਤੇ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੇ ਸਬੰਧ ਵਿੱਚ ਕਈ ਵਾਰੀ ਪੀੜਿਤਾਂ ਨੂੰ ਨਿਰਾਸ਼ ਵਾਪਿਸ ਪਰਤਾਉਣ ਬਾਰੇ ਵੀ ਦਿਨਕਰ ਗੁਪਤਾ ਦੀ ਆਲੋਚਨਾ ਹੋਈ ਸੀ ਅਤੇ ਭਾਰਤ ਦੇ ਕਿੰਨਰ ਭਾਈਚਾਰੇ ਨੇ ਪੂਨਮ ਮਹੰਤ ਦੀ ਅਗਵਾਈ ਹੇਠ ਮੁਖ ਮੰਤਰੀ ਪੰਜਾਬ ਨਿਵਾਸ ਅਗੇ ਵੀ ਸ੍ਰੀ ਦਿਨਕਰ ਗੁਪਤਾ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ .