ਡਾ. ਸੰਦੀਪ ਕੁਮਾਰ ਗਰਗ IPS/ SSP ਪਟਿਆਲਾ ਵੱਲੋਂ ਪਟਿਆਲਵੀਆਂ ਦੀ ਸੁਰੱਖਿਆ ਲਈ ਮਜਬੂਤ ਪ੍ਰਬੰਧ
ਪਟਿਆਲਾ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਨਵੀਆਂ ਪੀ.ਸੀ.ਆਰ. ਬੀਟਾਂ ਬਣਾ ਕੇ 07 ਟਵੇਰਾ ਗੱਡੀਆਂ ਅਤੇ 30 ਮੋਟਰਸਾਈਕਲਾਂ ਨਾਲ ਪੈਟਰੋਲਿੰਗ ਸ਼ੁਰੂ
ਪਟਿਆਲਾ ਪੁਲਿਸ ਵੱਲੋਂ ਪਟਿਆਲਾ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਅਤੇ ਜੁਰਮ ਨੂੰ ਠੱਲ੍ਹ ਪਾਉਣ ਲਈ ਅੱਜ ਸ਼ਹਿਰ ਵਿਚ ਨਵੀਆਂ ਪੀ.ਸੀ.ਆਰ ਬੀਟਾਂ ਬਣਾ ਕੇ 07 ਟਵੇਰਾ ਗੱਡੀਆਂ ਅਤੇ 30 ਮੋਟਰਸਾਈਕਲਾਂ ਨੂੰ ਅਪਡੇਟ ਕਰਕੇ ਪੈਟਰੋਲਿੰਗ ਸ਼ੁਰੂ ਕਰਵਾਈ ਗਈ।
ਵਧੀਕ ਨਿਰਦੇਸ਼ਕ ਜਨਰਲ ਪੁਲਿਸ (ਵੈਲਫੇਅਰ) ਸ਼੍ਰੀਮਤੀ ਵੀ. ਨੀਰਜਾ ਵੱਲੋਂ ਅੱਜ ਇਨ੍ਹਾਂ ਗੱਡੀਆਂ ਅਤੇ ਮੋਟਰਸਾਇਕਲਾਂ ਨੂੰ ਹਰੀ ਝੰਡੀ ਦੇ ਕੇ, ਇਸਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਜਿੱਥੇ ਅਪਰਾਧੀ ਅਤੇ ਸ਼ਰਾਰਤੀ ਲੋਕਾਂ ਦੇ ਹੌਂਸਲੇ ਪਸਤ ਕਰਨ ਚ ਮਦਦ ਮਿਲੇਗੀ ਉੱਥੇ ਲੋਕਾਂ ‘ਚ ਵੀ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ।
ਡਾ. ਸੰਦੀਪ ਕੁਮਾਰ ਗਰਗ ਐਸ ਐਸ ਪੀ ਪਟਿਆਲਾ ਨੇ ਇਸ ਮੌਕੇ ਦੱਸਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਰੀ-ਮੈਪਿੰਗ (ਨਕਸ਼ਾ ਬਦਲੀ) ਦੀ ਜਰੂਰਤ ਸੀ, ਇਸ ਕਰਕੇ ਪਹਿਲਾਂ ਸ਼ਹਿਰ ਨੂੰ 30 ਬੀਟਾਂ ਵਿਚ ਵੰਡਿਆ ਗਿਆ। ਸ਼ਹਿਰ ਨੂੰ ਬੀਟਾਂ ਵਿਚ ਵੰਡਦੇ ਸਮੇਂ ਸਕੂਲਾਂ/ ਕਾਲਜਾਂ ਦੇ ਨੇੜੇ, ਆਮ ਗਲੀਆਂ ਦੇ ਵਿਚ ਜਾਂ ਜਨਤਕ ਥਾਵਾਂ ‘ਤੇ ਹੋਣ ਵਾਲੇ ਜੁਰਮ ਦੀ ਰੀ-ਮੈਪਿੰਗ (ਨਕਸ਼ਾ ਬਦਲੀ) ਅਤੇ ਟ੍ਰੈਫਿਕ ਰੀ-ਮੈਪਿੰਗ (ਨਕਸ਼ਾ ਬਦਲੀ) ਵੱਲ ਖਾਸ ਧਿਆਨ ਦਿੱਤਾ ਗਿਆ ਹੈ। ਪੀ.ਸੀ.ਆਰ. ਗੱਡੀਆਂ ਅਤੇ ਮੋਟਸਾਈਕਲਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਆਮ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਉਣ ਲਈ ਹਮੇਸ਼ਾਂ ਤਿਆਰ ਰਹਿਣਗੇ। ਜਿੱਥੇ ਇਕ ਪਾਸੇ ਪੀ.ਸੀ.ਆਰ. ਗੱਡੀਆਂ ਅਤੇ ਮੋਟਰਸਾਈਕਲਾਂ ਨੂੰ ਮਾਹਿਰਾਂ ਦੀ ਸਲਾਹ ਅਤੇ ਮਦਦ ਨਾਲ ਵਿਸ਼ੇਸ਼ ਢੰਗ ਨਾਲ ਤਿਆਰ ਕਰਵਾਇਆ ਗਿਆ ਹੈ ਉਥੇ ਹੀ ਦੂਜੇ ਪਾਸੇ ਪੁਲਿਸ ਦੇ ਪੀ.ਸੀ.ਆਰ ਮੁਲਾਜ਼ਮਾਂ ਦੀ ਵਰਦੀ ਨੂੰ ਵੀ ਇਕ ਵੱਖਰੇ ਢੰਗ ਨਾਲ ਤਿਆਰ ਕੀਤਾ ਗਿਆ ਹੈ। ਡਾ. ਗਰਗ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਅਤੇ ਲੋਕਾਂ ਤਕ ਜਲਦੀ ਤੋਂ ਜਲਦੀ ਮਦਦ ਪਹੁੰਚਾਉਣ ਲਈ ਉਹ ਪੀ.ਸੀ.ਆਰ. ਪੁਲਿਸ ਪਟਿਆਲਾ ਨੂੰ ਅਪਣਾ ਪੂਰਨ ਸਹਿਯੋਗ ਦੇਣ ਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਤੁਰੰਤ ਸਾਡੇ ਐਮਰਜੰਸੀ ਨੰਬਰਾਂ ਤੇ ਜਾਂ ਪੀ.ਸੀ.ਆਰ. ਨੂੰ ਰਿਪੋਰਟ ਕਰਨ ਤਾਂ ਜੋ ਜ਼ਿਲ੍ਹਾ ਪਟਿਆਲਾ ਨੂੰ ਅਪਰਾਧ ਮੁਕਤ ਬਣਾਇਆ ਸਕੇ।
ਇਸ ਮੌਕੇ ਸ਼੍ਰੀਮਤੀ ਹਰਕੰਵਲ ਕੌਰ ਬਰਾੜ ਪੀ.ਪੀ.ਐਸ, ਐਸ.ਪੀ/ਸਥਾਨਕ, ਸ਼੍ਰੀ ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ, ਡੀ.ਐਸ.ਪੀ/ਸਥਾਨਕ, ਸ਼੍ਰੀ ਰਾਜੇਸ਼ ਸਨੇਹੀ ਪੀ.ਪੀ.ਐਸ, ਡੀ.ਐਸ.ਪੀ/ਟ੍ਰੈਫਿਕ ਵੀ ਮੌਜੂਦ ਰਹੇ।